ਸ਼੍ਰੋਮਣੀ ਅਕਾਲੀ ਦਲ ਵੱਲੋਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ 8 ਦਸੰਬਰ ਨੂੰ ਸਦਭਾਵਨਾ ਦਿਵਸ ਵਜੋਂ ਮਨਾਉਣ ਦੀਆਂ ਤਿਆਰੀਆਂ ਮੁਕੰਮਲ : ਚੀਮਾ, ਝਿੰਜਰ, ਚਨਾਰਥਲ
ਫਤਿਹਗੜ੍ਹ ਸਾਹਿਬ, 5 ਦਸੰਬਰ (ਰੂਪ ਨਰੇਸ਼): ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਹੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ 8 ਦਸੰਬਰ ਨੂੰ ਸਦਭਾਵਨਾ ਦਿਵਸ ਵਜੋਂ ਵੱਡੇ ਪੱਧਰ ਤੇ ਮਨਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਇੰਚਾਰਜ ਜਗਦੀਪ ਸਿੰਘ ਚੀਮਾ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਵੀਰ ਸਿੰਘ ਬੀਬੀਪੁਰ, ਸਾਬਕਾ ਚੇਅਰਮੈਨ ਬਰਿੰਦਰ ਸਿੰਘ ਸੋਢੀ, ਨਰਿੰਦਰ ਸਿੰਘ ਰਸੀਦਪੁਰ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਦਲ ਤੇ ਪ੍ਰਮੁੱਖ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਜਰਨਲ ਸਕੱਤਰ ਤੇ ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਜਥੇਦਾਰ ਜਗਦੀਪ ਸਿੰਘ ਚੀਮਾ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਨੇ ਕਿਹਾ ਕਿ 8 ਦਸੰਬਰ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ ਸਦਭਾਵਨਾ ਦਿਵਸ ਵਜੋਂ ਮਨਾਉਣ ਮੌਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਵੇਰ 9.30 ਵਜੇ ਪਾਠ ਦੇ ਭੋਗ ਪਾਏ ਜਾਣਗੇ ਤੇ ਇਸ ਉਪਰੰਤ ਗੁਰੂ ਦਾ ਇਲਾਹੀ ਕੀਰਤਨ ਵੀ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆ ਨੇ ਕਿਹਾ ਕਿ 8 ਦਸੰਬਰ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਵਿੱਚ ਪਾਰਟੀ ਵੱਲੋਂ ਇਕ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ, ਜਿਸ ਵਿੱਚ ਵੱਡੇ ਪੱਧਰ ਤੇ ਨੌਜਵਾਨਾਂ ਵੱਲੋਂ ਖੂਨ ਦਾਨ ਕੀਤਾ ਜਾਵੇਗਾ।
ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਅੱਜ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵਿਕਾਸ ਦੇ ਮਸੀਹਾ ਵਜੋਂ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ ਕਿਉਂਕਿ ਜੋ ਪੰਜਾਬ ਭਰ ਵਿੱਚ ਵਿਕਾਸ ਕਾਰਜ ਹੋਏ ਉਹ ਹੁਣ ਤੱਕ ਮੂੰਹ ਬੋਲਦੀਆਂ ਤਸਵੀਰਾਂ ਸਭ ਦੇ ਸਾਹਮਣੇ ਹਨ, ਤੇ ਇਨ੍ਹਾਂ ਨੂੰ ਅੱਜ ਵੀ ਪੰਜਾਬ ਦੀ ਜਨਤਾ ਯਾਦ ਕਰ ਰਹੀ ਹੈ, ਜਦੋਂਕਿ ਅਕਾਲੀ ਸਰਕਾਰ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਪੰਜਾਬ ਦੀ ਜਨਤਾ ਨੂੰ ਅਕਾਲੀ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਮੁੱਖ ਮੰਤਰੀ ਤੀਰਥ ਯਾਤਰਾ, ਆਟਾ ਦਾਲ ਸਕੀਮ, ਬਜ਼ੁਰਗਾਂ, ਵਿਧਵਾਵਾਂ ਨੂੰ ਪੈਨਸ਼ਨ ਸਕੀਮ, ਸਕੂਲਾਂ ਵਿੱਚ ਪੜ੍ਹਾਈ ਲਈ ਜਾਣ ਸਮੇਂ ਵਿਦਿਆਰਥਣਾ ਨੂੰ ਸਾਈਕਲ ਦੇਣ, ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਘਰਾਂ ਵਿੱਚ ਹੀ ਦੇਣ ਦੇ ਮਨੋਰਥ ਨਾਲ ਸਾਂਝ ਤੇ ਸੇਵਾ ਕੇਂਦਰ ਸਥਾਪਿਤ ਕੀਤੇ, ਜਿਨ੍ਹਾਂ ਵਿੱਚ 351 ਦੇ ਲਗਭਗ ਸਹੂਲਤਾਂ ਸਮਾਂ ਬੰਦ ਕਰਕੇ ਅਫਸਰਸ਼ਾਹੀ ਨੂੰ ਜਵਾਬ ਦੇਹ ਬਣਾਇਆ, ਕਿਸਾਨਾਂ ਨੂੰ ਮੁਫਤ ਬਿਜਲੀ, ਅਨੁਸੂਚਿਤ ਜਾਤੀ ਦੇ ਭਾਈਚਾਰੇ ਨੂੰ ਮੁਫਤ ਬਿਜਲੀ ਦੀ ਸਹੂਲਤ ਸਮੇਤ ਅਨੇਕਾਂ ਯੋਜਨਾਵਾਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਵੱਲੋਂ ਹੀ ਆਰੰਭ ਕੀਤੀਆਂ, ਜਿਸ ਦਾ ਪੰਜਾਬ ਦੀ ਜਨਤਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਪੂਰਾ ਲਾਭ ਦਿੱਤਾ ਗਿਆ ਤੇ ਪੂਰੇ ਪੰਜਾਬ ਵਿੱਚ ਸੜਕਾਂ ਦੇ ਜਾਲ ਵਿਛਾਉਣ ਦੇ ਨਾਲ ਨਾਲ ਰਾਜ ਭਰ ਵਿੱਚ ਸੜਕਾਂ ਤੇ ਬ੍ਰਿਜ ਤੇ ਓਵਰ ਬ੍ਰਿਜਾਂ ਦਾ ਨਿਰਮਾਣ ਕਰਨ ਸਮੇਤ ਬਿਜਲੀ ਸਰਪਲਸ ਕਰਨ ਲਈ ਥਰਮਲ ਪਲਾਂਟ ਲਗਾਉਣ ਵਰਗੇ ਪ੍ਰੋਜੈਕਟ ਲਗਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਰੀਚੀ, ਪ੍ਰਿਤਪਾਲ ਸਿੰਘ, ਸਿਮਰਨਜੀਤ ਸਿੰਘ ਸਨੀ, ਹਰਪ੍ਰੀਤ ਸਿੰਘ ਅਤੇ ਹੋਰ ਅਕਾਲੀ ਦਲ ਦੇ ਆਗੂ ਸਾਹਿਬਾਨ ਵੀ ਹਾਜ਼ਰ ਸਨ।